ਖੰਨਾ ਦਾ ਵੱਡਾ ਕਾਰੋਬਾਰੀ ਲਾਪਤਾ, ਬੱਸ ਅੱਡੇ ਨੇੜੇ ਖੜ੍ਹੀ ਮਿਲੀ ਗੱਡੀ, ਹੱਥ ਲਿਖਤ ਨੋਟ ਬਰਾਮਦ

ਖੰਨਾ ਦਾ ਵੱਡਾ ਕਾਰੋਬਾਰੀ ਲਾਪਤਾ, ਬੱਸ ਅੱਡੇ ਨੇੜੇ ਖੜ੍ਹੀ ਮਿਲੀ ਗੱਡੀ, ਹੱਥ ਲਿਖਤ ਨੋਟ ਬਰਾਮਦ


ਵੀਓਪੀ ਬਿਊਰੋ, ਖੰਨਾ : ਖੰਨਾ ਦਾ ਇੱਕ ਵੱਡਾ ਕਾਰੋਬਾਰੀ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਿਆ। ਉਹ ਅਮਲੋਹ ਰੋਡ ‘ਤੇ ਸਨਸਿਟੀ ਦਾ ਰਹਿਣ ਵਾਲਾ ਹੈ। ਉਸ ਦੀ ਇਨੋਵਾ ਕਾਰ ਬੁੱਧਵਾਰ ਰਾਤ ਨੂੰ ਬੱਸ ਅੱਡੇ ਦੇ ਸਾਹਮਣੇ ਐੱਚਡੀਐੱਫਸੀ ਬੈਂਕ ਦੇ ਬਾਹਰੋਂ ਮਿਲੀ। ਲਾਪਤਾ ਹੋਇਆ ਕਾਰੋਬਾਰੀ ਆਪਣਾ ਮੋਬਾਈਲ ਵੀ ਕਾਰ ‘ਚ ਹੀ ਛੱਡ ਗਿਆ ਤਾਂ ਜੋ ਲੋਕੇਸ਼ਨ ਤੋਂ ਉਸ ਨੂੰ ਟਰੇਸ ਨਾ ਕੀਤਾ ਜਾ ਸਕੇ। ਫਿਲਹਾਲ ਇਹ ਭੇਤ ਬਣਿਆ ਹੋਇਆ ਹੈ ਕਿ ਕਾਰੋਬਾਰੀ ਕਿੱਥੇ ਹੈ।ਕਾਰ ‘ਚੋਂ ਇੱਕ ਹੱਥ ਲਿਖ਼ਤ ਨੋਟ ਵੀ ਮਿਲਿਆ। ਇਸ ‘ਚ ਸ਼ਹਿਰ ਦੇ ਕੁੱਝ ਨਾਮੀ ਵਿਅਕਤੀਆਂ ‘ਤੇ ਉਸ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ। ਨੋਟ ‘ਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਉਸ ਨੂੰ ਕੁੱਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ।


ਜਾਣਕਾਰੀ ਮੁਤਾਬਕ ਰਾਜੀਵ ਜਿੰਦਲ ਬੁੱਧਵਾਰ ਦੁਪਹਿਰ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰ ਪੁਲਸ ਸਮੇਤ ਉਸ ਦੀ ਭਾਲ ਕਰ ਰਹੇ ਹਨ ਪਰ ਉਸ ਦੀ ਕਾਰ ਜੀ. ਟੀ. ਰੋਡ ਵਾਲੇ ਪਾਸੇ ਖੜ੍ਹੀ ਕਿਸੇ ਨੇ ਨਹੀਂ ਦੇਖੀ ਕਿਉਂਕਿ ਦਿਨ ਵੇਲੇ ਇਸ ਇਲਾਕੇ ‘ਚ ਜ਼ਿਆਦਾ ਭੀੜ ਰਹਿੰਦੀ ਹੈ। ਜਦੋਂ ਰਾਤ ਨੂੰ ਗੱਡੀ ਦੇਖੀ ਗਈ ਤਾਂ ਕੈਮਰਿਆਂ ਦੀ ਚੈਕਿੰਗ ਕੀਤੀ ਗਈ। ਉਥੋਂ ਕਾਰ ਦੀ ਚਾਬੀ ਇੱਕ ਦੁਕਾਨਦਾਰ ਤੋਂ ਮਿਲੀ। ਇਸ ਦੁਕਾਨਦਾਰ ਤੋਂ ਪਤਾ ਲੱਗਾ ਕਿ ਰਾਜੀਵ ਨੇ ਸਵੇਰੇ 11 ਵਜੇ ਦੇ ਕਰੀਬ ਕਾਰ ਇੱਥੇ ਖੜ੍ਹੀ ਕੀਤੀ ਸੀ ਅਤੇ ਰਾਜੀਵ ਜਿੰਦਲ ਦੁਕਾਨਦਾਰ ਨੂੰ ਇਹ ਕਹਿ ਕੇ ਚਲਾ ਗਿਆ ਸੀ ਕਿ ਡਰਾਈਵਰ ਇੱਕ ਘੰਟੇ ‘ਚ ਕਾਰ ਲੈ ਕੇ ਜਾਵੇਗਾ। ਜਦੋਂ ਪੁਲਸ ਨੇ ਕਾਰ ਦੀ ਜਾਂਚ ਕੀਤੀ ਤਾਂ ਉਸ ‘ਚੋਂ ਇਕ ਨੋਟ ਮਿਲਿਆ। ਇਹ ਨੋਟ ਰਾਜੀਵ ਜਿੰਦਲ ਨੇ ਲਿਖਿਆ ਹੈ। ਦੂਜੇ ਪਾਸੇ ਪਰਿਵਾਰ ਦੀ ਮੰਗ ਹੈ ਕਿ ਹੱਥ ਲਿਖ਼ਤ ਨੋਟ ਦੀ ਫੋਟੋਕਾਪੀ ਉਨ੍ਹਾਂ ਨੂੰ ਦਿੱਤੀ ਜਾਵੇ ਅਤੇ ਜਿਨ੍ਹਾਂ ਦੇ ਨਾਂ ਲਿਖੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।


ਖੰਨਾ ਦੇ ਡੀ. ਐੱਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਪਰਿਵਾਰ ਸਮੇਤ ਰਾਜੀਵ ਜਿੰਦਲ ਦੀ ਭਾਲ ਕਰ ਰਹੀ ਹੈ। ਕੈਮਰੇ ਦੇਖੇ ਜਾ ਰਹੇ ਹਨ। ਫਿਲਹਾਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। ਬਾਅਦ ‘ਚ ਤੱਥਾਂ ਅਨੁਸਾਰ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰ ‘ਚ ਸਾਂਝੇਦਾਰੀ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ। ਕੁੱਝ ਸਮਾਂ ਪਹਿਲਾਂ ਰਾਜੀਵ ਜਿੰਦਲ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਸੋਲਵੈਕਸ ਪਲਾਂਟ ਲਾਇਆ ਸੀ, ਜਿਸ ਨੂੰ ਬਾਅਦ ‘ਚ ਵੇਚ ਦਿੱਤਾ ਗਿਆ। ਇਸ ਤੋਂ ਬਾਅਦ ਤਿੰਨਾਂ ਸਾਥੀਆਂ ‘ਚ ਰੌਲਾ ਪੈ ਗਿਆ। ਰਾਜੀਵ ਨੇ ਆਪਣਾ ਵੱਖਰਾ ਪੈਟਰੋਲ ਪੰਪ ਲਗਾ ਲਿਆ। ਕੁੱਝ ਸਮੇਂ ਤੋਂ ਰਾਜੀਵ ਮਾਨਸਿਕ ਤੌਰ ‘ਤੇ ਪਰੇਸ਼ਾਨ ਚੱਲ ਰਿਹਾ ਹੈ। ਇਸ ਦਾ ਕਾਰਨ ਕਾਰੋਬਾਰ ‘ਚ ਸਾਂਝੇਦਾਰੀ ਨੂੰ ਲੈ ਕੇ ਝਗੜਾ ਮੰਨਿਆ ਜਾ ਰਿਹਾ ਹੈ।

error: Content is protected !!