ਫਲਾਈਟ ਵਿਚ ਯਾਤਰੀ ਨੇ ਏਅਰ ਹੋਸਟੈਸ ਦਾ ਕੀਤਾ ਜਿਨਸੀ ਸ਼ੋਸ਼ਣ, ਹੋਰਨਾਂ ਨੇ ਰੋਕਿਆ ਤਾਂ ਭੜਕ ਗਿਆ ਬੰਗਲਾਦੇਸ਼ੀ ਨਾਗਰਿਕ

ਫਲਾਈਟ ਵਿਚ ਯਾਤਰੀ ਨੇ ਏਅਰ ਹੋਸਟੈਸ ਦਾ ਕੀਤਾ ਜਿਨਸੀ ਸ਼ੋਸ਼ਣ, ਹੋਰਨਾਂ ਨੇ ਰੋਕਿਆ ਤਾਂ ਭੜਕ ਗਿਆ ਬੰਗਲਾਦੇਸ਼ੀ ਨਾਗਰਿਕ


ਵੀਓਪੀ ਬਿਊਰੋ, ਮੁੰਬਈ-ਮਸਕਟ-ਢਾਕਾ ਦੀ ਮੁੰਬਈ ਤੋਂ ਹੋ ਕੇ ਜਾਣ ਵਾਲੀ ਫਲਾਈਟ ’ਚ ਇਕ ਯਾਤਰੀ ਨੇ ਏਅਰ ਹੋਸਟੈਸ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਦੋਸ਼ ’ਚ 30 ਸਾਲਾ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਵਿਸਤਾਰਾ ਦੀ ਫਲਾਈਟ ਦੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉੱਤਰਨ ਤੋਂ ਪਹਿਲਾਂ ਵੀਰਵਾਰ ਨੂੰ ਤੜਕੇ ਵਾਪਰੀ।

ਅਧਿਕਾਰੀ ਨੇ ਕਿਹਾ, ‘ਮੁਲਜ਼ਮ ਦੀ ਪਛਾਣ ਮੁਹੰਮਦ ਦੁਲਾਲ ਦੇ ਰੂਪ ’ਚ ਹੋਈ ਹੈ ਅਤੇ ਉਹ ਮਸਕਟ ਤੋਂ ਢਾਕਾ ਜਾ ਰਿਹਾ ਸੀ। ਮੁੰਬਈ ’ਚ ਜਹਾਜ਼ ਦੇ ਉੱਤਰਨ ਤੋਂ ਅੱਧਾ ਘੰਟਾ ਪਹਿਲਾਂ ਦੁਲਾਲ ਆਪਣੀ ਸੀਟ ਤੋਂ ਉੱਠਿਆ ਅਤੇ ਉਸ ਨੇ ਕਰੂ ਦੀ ਮਹਿਲਾ ਸਹਾਇਕ ਨੂੰ ਜੱਫੀ ਪਾ ਕੇ ਚੁੰਮਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਕਰੂ ਦੇ ਹੋਰ ਮੈਂਬਰਾਂ ਅਤੇ ਯਾਤਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ’ਤੇ ਭੜਕ ਗਿਆ।’

ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਯਾਤਰੀ ਨੇ ਜਹਾਜ਼ ਦੇ ਕੈਪਟਨ ਦੀ ਗੱਲ ਵੀ ਨਹੀਂ ਸੁਣੀ। ਕੈਪਟਨ ਉਸ ਦੇ ਖਿਲਾਫ ਚਿਤਾਵਨੀ ਵਾਲੇ ਰੈੱਡ ਕਾਰਡ ਦੇ ਨਿਰਦੇਸ਼ ਪੜ੍ਹ ਰਿਹਾ ਸੀ ਜਿਸ ’ਚ ਉਸ ਨੂੰ ਬੇਕਾਬੂ ਵਿਵਹਾਰ ਵਾਲਾ ਯਾਤਰੀ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਮੁੰਬਈ ਹਵਾਈ ਅੱਡੇ ’ਤੇ ਉੱਤਰਨ ਤੋਂ ਬਾਅਦ ਯਾਤਰੀ ਨੂੰ ਸੁਰੱਖਿਆ ਫੋਰਸਾਂ ਦੇ ਹਵਾਲੇ ਕਰ ਦਿੱਤਾ ਗਿਆ।

error: Content is protected !!