ਲਗਾਤਾਰ ਤੀਜੇ ਦਿਨ ਟਰੇਨਾਂ ਰੋਕ ਕੇ ਰੇਲਵੇ ਟਰੈਕ ‘ਤੇ ਬੈਠੇ ਰਹੇ ਕਿਸਾਨ, ਲੋਕ ਹੋ ਰਹੇ ਪਰੇਸ਼ਾਨ

ਲਗਾਤਾਰ ਤੀਜੇ ਦਿਨ ਟਰੇਨਾਂ ਰੋਕ ਕੇ ਰੇਲਵੇ ਟਰੈਕ ‘ਤੇ ਬੈਠੇ ਰਹੇ ਕਿਸਾਨ, ਲੋਕ ਹੋ ਰਹੇ ਪਰੇਸ਼ਾਨ

ਵੀਓਪੀ ਬਿਊਰੋ- ਪੰਜਾਬ ‘ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅੱਜ ਤੀਜਾ ਦਿਨ ਹੈ। ਸੂਬੇ ‘ਚ 13 ਥਾਵਾਂ ‘ਤੇ ਕਿਸਾਨ ਰੇਲ ਪਟੜੀਆਂ ‘ਤੇ ਧਰਨਾ ਦੇ ਰਹੇ ਹਨ, ਜਦਕਿ ਇਸ ਅੰਦੋਲਨ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਿਰੋਜ਼ਪੁਰ ਵਿੱਚੋਂ ਲੰਘਦਾ ਕੌਮੀ ਮਾਰਗ ਵੀ ਜਾਮ ਕਰ ਦਿੱਤਾ ਗਿਆ ਹੈ।

ਰੇਲਵੇ ਡਵੀਜ਼ਨ ਫਿਰੋਜ਼ਪੁਰ ਦੇ ਮੈਨੇਜਰ ਸੰਜੇ ਸਾਹੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਰੇਲ ਗੱਡੀਆਂ ਰੁਕਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਕਿਸਾਨ ਜਥੇਬੰਦੀਆਂ ਨੂੰ ਆਮ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਨੇ 13 ਥਾਵਾਂ ’ਤੇ ਧਰਨੇ ਦੇ ਕੇ ਰੇਲਾਂ ਠੱਪ ਕਰ ਦਿੱਤੀਆਂ ਹਨ। ਮਾਨਾਂਵਾਲਾ-ਜੰਡਿਆਲਾ (ਅੰਮ੍ਰਿਤਸਰ), ਜਲੰਧਰ ਕੈਂਟ ਸਟੇਸ਼ਨ, ਫ਼ਿਰੋਜ਼ਪੁਰ ਛਾਉਣੀ ਸਟੇਸ਼ਨ, ਗੋਲੇਵਾਲਾ ਸਟੇਸ਼ਨ, ਫ਼ਾਜ਼ਿਲਕਾ ਸਟੇਸ਼ਨ, ਮੱਲਾਂਵਾਲਾ ਸਟੇਸ਼ਨ, ਤਲਵੰਡੀ ਭਾਈ, ਮੋਗਾ ਰੇਲਵੇ ਸਟੇਸ਼ਨ, ਅਜੀਤਵਾਲ, ਗੁਰਦਾਸਪੁਰ ਰੇਲਵੇ ਸਟੇਸ਼ਨ, ਹੁਸ਼ਿਆਰਪੁਰ ਸਟੇਸ਼ਨ, ਤਰਨਤਾਰਨ ਸਟੇਸ਼ਨ ਅਤੇ ਮਜੀਠਾ ਸਟੇਸ਼ਨ ਦੇ ਰੇਲਵੇ ਫਾਟਕਾਂ ‘ਤੇ ਕਿਸਾਨਾਂ ਦੀ ਹੜਤਾਲ ਚੱਲ ਰਹੀ ਹੈ।

ਸੁਨਾਮ ਊਧਮ ਸਿੰਘ ਵਾਲਾ ਵਿੱਚ ਹਜ਼ਾਰਾਂ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਅਗਵਾਈ ਵਿੱਚ ਰੇਲਵੇ ਟਰੈਕ ’ਤੇ ਧਰਨਾ ਦਿੱਤਾ। ਮਹਿਲਾ ਆਗੂ ਬਲਜੀਤ ਕੌਰ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ। ਆਗੂ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਮਨਜੀਤ ਨਿਆਲ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਖੇਤਰ ਨਾਲ ਸਬੰਧਤ ਮੰਗਾਂ ਪੂਰੀਆਂ ਕਰਨ ਦੀ ਬਜਾਏ ਮਜ਼ਦੂਰਾਂ ਨੂੰ ਖੇਤੀ ਖੇਤਰ ਵਿੱਚੋਂ ਬਾਹਰ ਧੱਕਣ ਵਾਲੀਆਂ ਨੀਤੀਆਂ ਵਿੱਚ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜ੍ਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਹੀ ਨਹੀਂ ਸਗੋਂ ਇਸ ਦੇ ਇਰਾਦੇ ਵੀ ਗਲਤ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਅਗਲੇ ਪੜਾਅ ਵਿੱਚ 23 ਅਤੇ 24 ਅਕਤੂਬਰ ਨੂੰ ਉੱਤਰੀ ਭਾਰਤ ਦੇ ਰਾਜਾਂ ਵਿੱਚ ਕਾਰਪੋਰੇਟ ਘਰਾਣਿਆਂ ਅਤੇ ਭਾਜਪਾ ਸਰਕਾਰ ਦੇ ਪੁਤਲੇ ਬਣਾ ਕੇ ਕਿਸਾਨ ਦੁਸਹਿਰਾ ਮਨਾਇਆ ਜਾਵੇਗਾ ਅਤੇ ਬਲਾਕ ਪੱਧਰ ’ਤੇ ਵੱਡੀਆਂ ਮੀਟਿੰਗਾਂ ਕਰਕੇ ਪੁਤਲੇ ਫੂਕੇ ਜਾਣਗੇ। ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 11 ਅਕਤੂਬਰ ਨੂੰ ਅੰਬਾਲਾ ਵਿਖੇ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

error: Content is protected !!