20 ਦਿਨ ਪਹਿਲਾਂ ਰੱਖੀ ਨੌਕਰਾਣੀ ਨੇ ਘਰ ਦੇ ਨਾਲ ਅਲਮਾਰੀਆਂ ਵੀ ਕੀਤੀਆਂ ਸਾਫ਼ ! ਲੱਖਾਂ ਦੇ ਗਹਿਣੇ ਤੇ ਨਕਦੀ ਲੈ ਗਈ, ਇੰਝ ਚੜ੍ਹੀ ਪੁਲਿਸ ਅੜਿੱਕੇ

20 ਦਿਨ ਪਹਿਲਾਂ ਰੱਖੀ ਨੌਕਰਾਣੀ ਨੇ ਘਰ ਦੇ ਨਾਲ ਅਲਮਾਰੀਆਂ ਵੀ ਕੀਤੀਆਂ ਸਾਫ਼ ! ਲੱਖਾਂ ਦੇ ਗਹਿਣੇ ਤੇ ਨਕਦੀ ਲੈ ਗਈ, ਇੰਝ ਚੜ੍ਹੀ ਪੁਲਿਸ ਅੜਿੱਕੇ


ਵੀਓਪੀ ਬਿਊਰੋ, ਲੁਧਿਆਣਾ : 20 ਦਿਨ ਪਹਿਲਾਂ ਹੀ ਘਰ ਦੀ ਸਾਫ-ਸਫਾਈ ਲਈ ਰੱਖੀ ਨੌਕਰਾਣੀ ਘਰ ਹੀ ਸਾਫ਼ ਕਰ ਕੇ ਰਫੂ ਚੱਕਰ ਹੋ ਗਈ । ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ 32 ਸੈਕਟਰ ਚੰਡੀਗੜ੍ਹ ਰੋਡ ਦੀ ਰਹਿਣ ਵਾਲੀ ਦੀਪਿਕਾ ਗੁਲੇਰੀਆ ਦੀ ਸ਼ਿਕਾਇਤ ਉਤੇ ਨਿਊ ਮੋਤੀ ਨਗਰ ਵਾਸੀ ਪੂਜਾ ਉਰਫ ਪ੍ਰੀਆ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਂਚ ਅਧਿਕਾਰੀ ਏਐਸਆਈ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਬੁੱਧਵਾਰ ਦੁਪਹਿਰ ਤੋਂ ਬਾਅਦ ਪੂਜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਦੀਪਿਕਾ ਗੁਲੇਰੀਆ ਦੇ ਪਤੀ ਵਿਦੇਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਇੱਕ ਧੀ ਦਿੱਲੀ ਵਿੱਚ ਪੜ੍ਹਾਈ ਕਰਦੀ ਹੈ, ਜਦਕਿ ਦੂਸਰੀ ਵਿਦੇਸ਼ ਵਿਚ ਪੜ੍ਹ ਰਹੀ ਹੈ। ਦੀਪਿਕਾ ਨੇ ਆਪਣੇ ਘਰ ਦਾ ਹੇਠਲਾ ਪੋਰਸ਼ਨ ਸਾਧੂ ਸਿੰਘ ਨਾਮ ਦੇ ਵਿਅਕਤੀ ਨੂੰ ਕਿਰਾਏ ‘ਤੇ ਦਿੱਤਾ ਹੋਇਆ ਹੈ। ਤਕਰੀਬਨ 20 ਦਿਨ ਪਹਿਲਾਂ ਦੀਪਿਕਾ ਨੇ ਪੂਰੇ ਘਰ ਦੀ ਸਾਫ ਸਫਾਈ ਲਈ ਪੂਜਾ ਉਰਫ ਪ੍ਰੀਆ ਨਾਮ ਦੀ ਔਰਤ ਨੂੰ ਰੱਖਿਆ ਸੀ।

ਸਵੇਰੇ 8 ਵਜੇ ਦੇ ਕਰੀਬ ਜਦ ਕਿਰਾਏਦਾਰ ਸਾਧੂ ਸਿੰਘ ਨੇ ਆਪਣੀ ਅਲਮਾਰੀ ਚੈੱਕ ਕੀਤੀ ਤਾਂ ਉਸਨੇ ਦੇਖਿਆ ਕਿ ਅਲਮਾਰੀ ‘ਚੋਂ 60 ਹਜਾਰ ਰੁਪਏ ਦੀ ਨਕਦੀ ਗਾਇਬ ਸੀ। ਨੌਕਰਾਣੀ ‘ਤੇ ਸ਼ੱਕ ਪੈਣ ਤੇ ਦੀਪਿਕਾ ਨੇ ਘਰ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਅਲਮਾਰੀਆਂ ‘ਚੋਂ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਦੋ ਚੂੜੀਆਂ, ਦੋ ਸੈਟ, ਦੋ ਟੋਪਸ ਦੇ ਜੋੜੇ, ਇੱਕ ਵਾਲੀਆਂ ਦਾ ਜੋੜਾ, ਇੱਕ ਡਾਇਮੰਡ ਨੋਜ ਪਿਨ, ਇੱਕ ਗੋਲਡ ਨੋਜ ਪਿਨ, ਦੋ ਮੁੰਦਰੀਆਂ ਅਤੇ ਵੱਡੇ ਟੋਪਸ ਚੋਰੀ ਹੋ ਚੁੱਕੇ ਸਨ। ਇਸ ਸਬੰਧੀ ਦੀਪਿਕਾ ਗੁਲੇਰੀਆ ਨੇ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ । ਉਧਰੋਂ ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਨਿਊ ਮੋਤੀ ਨਗਰ ਦੀ ਰਹਿਣ ਵਾਲੀ ਪੂਜਾ ਉਰਫ ਪ੍ਰੀਆ ਖਿਲਾਫ ਚੋਰੀ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਦੇ ਦੌਰਾਨ ਔਰਤ ਕੋਲੋਂ ਕਈ ਖੁਲਾਸੇ ਹੋ ਸਕਦੇ ਹਨ।

error: Content is protected !!