ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਉਤੇ ਬਣੇਗੀ ਫਿਲਮ ! ਇਸ ਨਿਰਦੇਸ਼ਕ ਨੇ ਖਿੱਚੀ ਤਿਆਰੀ

ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਉਤੇ ਬਣੇਗੀ ਫਿਲਮ ! ਇਸ ਨਿਰਦੇਸ਼ਕ ਨੇ ਖਿੱਚੀ ਤਿਆਰੀ


ਵੀਓਪੀ ਬਿਊਰੋ, ਨੈਸ਼ਨਲ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਸ ਨੇ ਆਪਣਾ, ਆਪਣੇ ਪਿੰਡ ਦਾ ਤੇ ਪੰਜਾਬ ਸੂਬੇ ਦਾ ਨਾਂ ਪੂਰੀ ਦੁਨੀਆ ਵਿਚ ਮਸ਼ਹੂਰ ਕਰ ਦਿੱਤਾ, ਦਾ ਨਾਂ ਅੱਜ ਵੀ ਸੋਸ਼ਲ ਮੀਡੀਆ ਉਤੇ ਟਰੈਂਡ ਕਰਦਾ ਹੈ। ਗਾਇਕ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਦੇ ਗਾਣਿਆਂ ਨੂੰ ਕੁਝ ਹੀ ਮਿੰਟਾਂ ਵਿਚ ਕਈ ਮਿਲੀਅਨ ਵਿਊਜ਼ ਮਿਲ ਜਾਂਦੇ ਹਨ। ਉਸ ਦੀ ਹੱਤਿਆ ਨੇ ਪੂਰੇ ਪੰਜਾਬ ਹੀ ਨਹੀਂ ਵਿਸ਼ਵ ਭਰ ਵਿਚ ਵੱਸੇ ਉਸ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਮੌਤ ਤੋਂ ਲੰਮੇ ਸਮੇਂ ਬਾਅਦ ਅੱਜ ਵੀ ਸਿੱਧੂ ਮੂਸੇਵਾਲਾ ਦਾ ਕਤਲ ਕਿਸਨੇ ਕੀਤਾ? ਕਿਵੇਂ ਕੀਤਾ? ਅਜਿਹਾ ਕਿਉਂ ਕੀਤਾ? ਇਹ ਸਾਰੇ ਸਵਾਲ ਲੋਕਾਂ ਦੇ ਮਨਾਂ ‘ਚ ਘੁੰਮ ਰਹੇ ਹਨ। ਭਾਵੇਂ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਪਹਿਲਾਂ ਹੀ ਲੋਕਾਂ ਦੇ ਸਾਹਮਣੇ ਆ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਚੁੱਕੇ ਹਨ ਪਰ ਫਿਰ ਵੀ ਹਰ ਕਿਸੇ ਦੇ ਦਿਲ-ਦਿਮਾਗ ਵਿੱਚ ਕਈ ਸਵਾਲ ਹਨ।

ਅਜਿਹੇ ‘ਚ ਹੁਣ ਗਾਇਕ ਮੂਸੇਵਾਲਾ ਦੀ ਜ਼ਿੰਦਗੀ ਉਤੇ ਫਿਲਮ ਬਣਨ ਜਾ ਰਹੀ ਹੈ। ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਕਹਾਣੀ ਨੂੰ ਵਿਸਥਾਰ ਨਾਲ ਦਿਖਾਉਣ ਦੀ ਤਿਆਰੀ ਕਰ ਲਈ ਹੈ। ‘ਅੰਧਾਧੁਨ’, ‘ਮੋਨਿਕਾ ਓ ਮਾਈ ਡਾਰਲਿੰਗ’ ਅਤੇ ‘ਸਕੂਪ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਦੇ ਗੁਰੂ ਸ਼੍ਰੀਰਾਮ ਰਾਘਵਨ ਨੇ ‘ਹੂ ਕਿਲਡ ਮੂਸੇਵਾਲਾ?’ ਕਿਤਾਬ ਦੇ ਅਧਿਕਾਰ ਖ਼ਰੀਦ ਲਏ ਹਨ।

ਪੱਤਰਕਾਰ ਜੁਪਿੰਦਰਜੀਤ ਸਿੰਘ ਦੁਆਰਾ ਲਿਖੀ ਇਹ ਕਿਤਾਬ ਪੰਜਾਬੀ ਸੰਗੀਤ ਉਦਯੋਗ ਦੀਆਂ ਕਈ ਪਰਤਾਂ ਨੂੰ ਉਜਾਗਰ ਕਰਦੀ ਹੈ। ਪੁਸਤਕ ਮੁੱਖ ਤੌਰ ‘ਤੇ ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਸ਼ੁਭਦੀਪ ਸਿੰਘ ਸਿੱਧੂ ਦੇ ਜੀਵਨ ਵਿੱਚ ਅਪਰਾਧ, ਪ੍ਰਸਿੱਧੀ ਅਤੇ ਦੁਖਾਂਤ ਨੂੰ ਬਿਆਨ ਕਰਦੀ ਹੈ।
ਸ਼੍ਰੀਰਾਮ ਰਾਘਵਨ ਇਸ ਕਿਤਾਬ ‘ਤੇ ਫਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ, ਜਿਸ ‘ਚ ਸਿੱਧੂ ਮੂਸੇਵਾਲਾ ਦੇ ਜਨਮ ਤੋਂ ਲੈ ਕੇ ਕਤਲ ਤੱਕ ਦੀਆਂ ਕਈ ਗੱਲਾਂ ਦਿਖਾਈਆਂ ਜਾਣਗੀਆਂ। ਅਜਿਹੇ ‘ਚ ਗਾਇਕ ਦੇ ਪ੍ਰਸ਼ੰਸਕਾਂ ਲਈ ਇਹ ਖਬਰ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ।

error: Content is protected !!