ਪਰਨੀਤ ਕੌਰ ਦੀ ਭਾਜਪਾ ਵਿਚ ਐਂਟਰੀ, ਪਟਿਆਲਾ ਲੋਕ ਸਭਾ ਸੀਟ ਤੋਂ ਐਲਾਨਿਆ ਜਾ ਸਕਦੈ ਉਮੀਦਵਾਰ !

ਪਰਨੀਤ ਕੌਰ ਦੀ ਭਾਜਪਾ ਵਿਚ ਐਂਟਰੀ, ਪਟਿਆਲਾ ਲੋਕ ਸਭਾ ਸੀਟ ਤੋਂ ਐਲਾਨਿਆ ਜਾ ਸਕਦੈ ਉਮੀਦਵਾਰ !

ਵੀਓਪੀ ਬਿਊਰੋ, ਪਟਿਆਲਾ-ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਸਿਆਸੀ ਅਖਾੜਾ ਭਖਣ ਲੱਗਾ ਹੈ। ਵੀਰਵਾਰ ਨੂੰ ਪਟਿਆਲਾ ਤੋਂ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਚਰਚਾ ਇਹ ਵੀ ਹੈ ਕਿ ਭਾਜਪਾ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਪਰਨੀਤ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।
ਬੇਸ਼ੱਕ ਚਰਚਾ ਇਹ ਵੀ ਹੈ ਕਿ ਪਟਿਆਲਾ ਤੋਂ ਕੈਪਟਨ ਦੀ ਧੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਪਰ ਬੀਜੇਪੀ ਨੂੰ ਲੱਗਦਾ ਹੈ ਕਿ 79 ਸਾਲਾ ਪਰਨੀਤ ਕੌਰ ਪਟਿਆਲਾ ਤੋਂ ਮਜ਼ਬੂਤ ​​ਉਮੀਦਵਾਰ ਹਨ। ਉਨ੍ਹਾਂ ਦੀ ਪਟਿਆਲਾ ਵਿੱਚ ਚੰਗੀ ਪਕੜ ਹੈ ਤੇ ਪਿਛਲੇ ਦਿਨਾਂ ਤੋਂ ਉਹ ਕਾਫੀ ਐਕਟਿਵ ਵੀ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਕਾਂਗਰਸ ਤੋਂ ਦੂਰੀ ਬਣਾ ਕੇ ਰੱਖ ਰਹੀ ਪਰਨੀਤ ਕੌਰ ਬਾਰੇ ਪਾਰਟੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਇਸ ਵਾਰ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਬਦਲੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਮੀਟਿੰਗ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ ਸੀ। ਇਸ ਤੋਂ ਬਾਅਦ ਪਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਪਰਨੀਤ ਕੌਰ ਨੂੰ ਕਾਂਗਰਸ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।


ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਪਟਿਆਲਾ ਸਾਲ 2022 ਤੱਕ ਕਾਂਗਰਸ ਦਾ ਗੜ੍ਹ ਰਿਹਾ। ਸੰਸਦ ਮੈਂਬਰ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਜਿੱਤੇ ਸਨ। 2021 ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਬੇਸ਼ੱਕ ਪ੍ਰਨੀਤ ਕੌਰ ਬੀਜੇਪੀ ਵਿੱਚ ਸ਼ਾਮਲ ਨਹੀਂ ਹੋਏ ਪਰ ਉਨ੍ਹਾਂ ਨੇ ਕਰੀਬ ਡੇਢ ਸਾਲ ਤੋਂ ਕਾਂਗਰਸ ਪਾਰਟੀ ਤੋਂ ਦੂਰੀ ਬਣਾ ਰੱਖੀ ਹੈ।

error: Content is protected !!