ਲੁਧਿਆਣਾ ‘ਚ ਕਾਰ ‘ਚੋਂ ਡਰਾਈਵਰ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ… ਭਰਾ ਨੇ ਪੁਲਿਸ ਨੂੰ ਦੱਸਿਆ ਕਤਲ ਬਾਰੇ

ਲੁਧਿਆਣਾ ‘ਚ ਕਾਰ ‘ਚੋਂ ਡਰਾਈਵਰ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ… ਭਰਾ ਨੇ ਪੁਲਿਸ ਨੂੰ ਦੱਸਿਆ ਕਤਲ ਬਾਰੇ

ਲੁਧਿਆਣਾ (ਵੀਓਪੀ ਬਿਊਰੋ) ਸਾਹਨੇਵਾਲ ਦੇ ਰੈੱਡ ਮੈਂਗੋ ਰੈਸਟੋਰੈਂਟ ਦੇ ਬਾਹਰ ਕਾਰ ‘ਚੋਂ ਲਾਸ਼ ਮਿਲਣ ਤੋਂ ਬਾਅਦ ਲੁਧਿਆਣਾ ‘ਚ ਸਨਸਨੀ ਫੈਲ ਗਈ। ਰਾਜਸਥਾਨ ਦੇ ਅਲਵਰ ਦੇ ਰਹਿਣ ਵਾਲੇ ਧਨਵੰਤ ਸਿੰਘ ਉਰਫ਼ ਬਬਲੂ ਸਿੰਘ (44) ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਉਸ ਦੀ ਲਾਸ਼ ਆਪਣੀ ਬਰੇਜ਼ਾ ਗੱਡੀ ਵਿੱਚ ਛੱਡ ਕੇ ਫ਼ਰਾਰ ਹੋ ਗਏ। ਰਾਹਗੀਰਾਂ ਨੇ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਹੋਰ ਪੁਲਿਸ ਪਾਰਟੀ ਉਥੇ ਪਹੁੰਚ ਗਈ।

ਜਾਂਚ ਦੌਰਾਨ ਪਤਾ ਲੱਗਾ ਕਿ ਬਬਲੂ ਦੇ ਚਿਹਰੇ ਅਤੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਸਿੰਘਪੁਰਾ ਇਲਾਕੇ ਦੇ ਰਹਿਣ ਵਾਲੇ ਬਬਲੂ ਦੇ ਭਰਾ ਪਾਰਥ ਸਿੰਘ ਯਾਦਵ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

ਪਾਰਥ ਸਿੰਘ ਯਾਦਵ ਦੀ ਸ਼ਿਕਾਇਤ ਅਨੁਸਾਰ ਉਸ ਦਾ ਭਰਾ ਪਿੰਡ ਦੇ ਹੀ ਵਸਨੀਕ ਰਜਿੰਦਰ ਸਿੰਘ ਦੀ ਬਰੇਜ਼ਾ ਕਾਰ ਨੂੰ ਟੈਕਸੀ ਵਜੋਂ ਚਲਾਉਂਦਾ ਸੀ। 21 ਮਈ ਨੂੰ ਤੜਕੇ 3.30 ਵਜੇ ਦੇ ਕਰੀਬ ਉਸ ਨੂੰ ਫ਼ੋਨ ਆਇਆ ਕਿ ਬਬਲੂ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਕਾਰ ਸਾਹਨੇਵਾਲ ਨੇੜੇ ਰੈੱਡ ਮੈਂਗੋ ਰੈਸਟੋਰੈਂਟ ਕੋਲ ਖੜ੍ਹੀ ਹੈ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਉਥੇ ਪਹੁੰਚ ਗਏ। ਸਾਹਨੇਵਾਲ ਨੇੜੇ ਸਰਵਿਸ ਲਾਈਨ ’ਤੇ ਬਬਲੂ ਬਰੇਜ਼ਾ ਕਾਰ ਦੀ ਡਰਾਈਵਰ ਸੀਟ ’ਤੇ ਬੈਠਾ ਸੀ। ਉਸਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ।

ਪਾਰਥ ਨੇ ਦੱਸਿਆ ਕਿ ਬਬਲੂ ਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਸਿੱਧੂ ਹਸਪਤਾਲ ਦੋਰਾਹਾ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਅਜੇ ਸੁਰਾਗ ਨਹੀਂ ਲੱਗ ਸਕਿਆ। ਮ੍ਰਿਤਕ ਕਿੱਥੋਂ ਗਿਆ ਅਤੇ ਰਸਤੇ ‘ਚ ਕਿੱਥੇ ਰੁਕਿਆ, ਉਸ ਦੇ ਨਾਲ ਕੌਣ-ਕੌਣ ਬੈਠਾ ਸੀ ਅਤੇ ਅਜਿਹਾ ਕੀ ਹੋਇਆ ਕਿ ਕਾਤਲ ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਕਾਰ ‘ਚ ਹੀ ਛੱਡ ਗਏ। ਉਨ੍ਹਾਂ ਕਿਹਾ ਕਿ ਪੁਲਿਸ ਕਈ ਥਿਊਰੀਆਂ ਦੀ ਜਾਂਚ ਕਰ ਰਹੀ ਹੈ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਦੇ ਨਾਲ-ਨਾਲ ਉਸ ਦੀ ਕਾਲ ਡਿਟੇਲ ਵੀ ਕਢਵਾਈ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਕਿਸ ਨਾਲ ਗੱਲ ਕੀਤੀ ਸੀ। ਗੱਡੀ ਕਿੱਥੋਂ ਬੁੱਕ ਕਰਵਾਈ ਸੀ ਤੇ ਕਿੱਥੇ ਜਾਣਾ ਸੀ। ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਮੁਲਜ਼ਮਾਂ ਦਾ ਪਤਾ ਲਗਾ ਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!