ਭਾਰੀ ਮੀਂਹ ਵਿਚ ਬੈਕ ਕਰਦਿਆਂ ਨਹਿਰ ਵਿਚ ਜਾ ਡਿੱਗੀ ਆਲਟੋ ਕਾਰ, ਬਜ਼ੁਰਗ ਵਿਅਕਤੀ ਤੇ ਔਰਤ ਦੀ ਮੌਤ

ਭਾਰੀ ਮੀਂਹ ਵਿਚ ਬੈਕ ਕਰਦਿਆਂ ਨਹਿਰ ਵਿਚ ਜਾ ਡਿੱਗੀ ਆਲਟੋ ਕਾਰ, ਬਜ਼ੁਰਗ ਵਿਅਕਤੀ ਤੇ ਔਰਤ ਦੀ ਮੌਤ

ਵੀਓਪੀ ਬਿਊਰੋ , ਦੋਰਾਹਾ : ਭਾਰੀ ਬਾਰਿਸ਼ ਦੌਰਾਨ ਇਕ ਆਲਟੋ ਕਾਰ ਦੋਰਾਹਾ ਦੀ ਸਰਹਿੰਦ ਨਹਿਰ ‘ਚ ਜਾ ਡਿੱਗੀ। ਇਸ ਕਾਰਨ ਇਕ ਬਜ਼ੁਰਗ ਵਿਅਕਤੀ ਅਤੇ ਔਰਤ ਦੀ ਮੌਤ ਹੋ ਗਈ। ਮ੍ਰਿਤਕ ਮੋਗਾ ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਗੁਰਥਲੀ ਨਹਿਰ ਦੇ ਪੁਲ ਨੇੜੇ ਇੱਕ ਆਲਟੋ ਕਾਰ ਨਹਿਰ ‘ਚ ਡਿੱਗਣ ਨਾਲ ਰੌਲਾ ਪੈ ਗਿਆ। ਨੇੜੇ ਹੀ ਚੌਕ ‘ਚ ਟ੍ਰੈਫਿਕ ਪੁਲਿਸ ਦੇ ਏ. ਐੱਸ. ਆਈ. ਗੁਰਦੀਪ ਸਿੰਘ ਮੌਜੂਦ ਸਨ, ਜਿਨ੍ਹਾਂ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ। ਕਾਰ ਨੂੰ ਰੱਸਿਆਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਉਦੋਂ ਤੱਕ ਕਾਰ ‘ਚ ਸਵਾਰ ਦੋਵੇਂ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ।


ਹਾਦਸੇ ਵਾਲੀ ਥਾਂ ’ਤੇ ਪੁੱਜੇ ਐੱਸਐੱਚਓ ਵਿਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਜੋੜਾ ਗੁਰਮੇਲ ਸਿੰਘ ਵਾਸੀ ਕਰਤਾਰ ਨਗਰ, ਮੋਗਾ ਜੋ ਕਿ ਦੋਰਾਹਾ ਦੇ ਨਿੱਜੀ ਹਸਪਤਾਲ ’ਚ ਦਵਾਈ ਲੈਣ ਲਈ ਆਇਆ ਸੀ, ਜੋ ਵਾਪਸ ਮੋਗਾ ਜਾ ਰਹੇ ਸਨ। ਮੌਕੇ ’ਤੇ ਮੌਜੂਦ ਲੋਕਾਂ ਤੋਂ ਪਤਾ ਲੱਗਾ ਕਿ ਗਲਤ ਰਸਤੇ ’ਤੇ ਜਾਣ ਕਰ ਕੇ ਗੁਰਮੇਲ ਸਿੰਘ ਗੱਡੀ ਨੂੰ ਰਸਤੇ ’ਚੋਂ ਬੈਕ ਕਰ ਰਿਹਾ ਸੀ ਤਾਂ ਇਸੇ ਦੌਰਾਨ ਗੱਡੀ ਨਹਿਰ ’ਚ ਜਾ ਡਿੱਗੀ ਜਿਸ ਦਾ ਪਤਾ ਲੱਗਣ ’ਤੇ ਰਾਹਤ ਕਾਰਜ ਲਈ ਗੋਤਾਖੋਰਾਂ ਨੂੰ ਬੁਲਾਇਆ ਗਿਆ।


ਗੋਤਾਖੋਰ ਘੋਗਾ ਸਿੰਘ ਨੇ ਦੱਸਿਆ ਕਿ ਪੁਲਸ ਉਸ ਨੂੰ ਆਪਣੇ ਨਾਲ ਕਾਰ ‘ਚ ਬਿਠਾ ਕੇ ਮੌਕੇ ’ਤੇ ਲੈ ਕੇ ਗਈ। ਜਦੋਂ ਨਹਿਰ ‘ਚ ਗੋਤਾ ਲਾਇਆ ਗਿਆ ਤਾਂ ਕਾਰ ਦਾ ਪਤਾ ਲੱਗਿਆ। ਇਸ ਤੋਂ ਬਾਅਦ ਕਾਰ ਨੂੰ ਰੱਸਿਆਂ ਨਾਲ ਬਾਹਰ ਕੱਢਿਆ ਗਿਆ। ਇਸ ‘ਚ ਸਵਾਰ ਬਜ਼ੁਰਗ ਵਿਅਕਤੀ ਅਤੇ ਔਰਤ ਦੀ ਮੌਤ ਹੋ ਗਈ ਸੀ।

error: Content is protected !!