I-Phone ਤੇ ਕੁਝ ਪੈਸਿਆਂ ਲਈ ਦੋਸਤਾਂ ਨੇ ਹੀ ਮਾ-ਰ’ਤਾ ਨੌਜਵਾਨ

I-Phone ਤੇ ਕੁਝ ਪੈਸਿਆਂ ਲਈ ਦੋਸਤਾਂ ਨੇ ਹੀ ਮਾ-ਰ’ਤਾ ਨੌਜਵਾਨ

ਵੀਓਪੀ ਬਿਊਰੋ – ਪਟਿਆਲਾ ਦੇ ਨਾਭਾ ‘ਚ ਆਈਫੋਨ, ਘੜੀ ਅਤੇ ਕੁਝ ਪੈਸਿਆਂ ਦੇ ਲਾਲਚ ਕਾਰਨ ਦੋਸਤਾਂ ਨੇ ਹੀ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਸਕੂਟਰ ਵੀ ਬਰਾਮਦ ਕਰ ਲਿਆ ਗਿਆ ਹੈ।

ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 17 ਅਕਤੂਬਰ ਨੂੰ ਨਾਭਾ ਦੇ ਪਿੰਡ ਮੀਹਾਂ ਵਿੱਚ ਨਹਿਰ ਦੇ ਕੰਢੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸ਼ਨਾਖਤ ਲਈ ਸਿਵਲ ਹਸਪਤਾਲ ਨਾਭਾ ਦੀ ਮੋਰਚਰੀ ‘ਚ ਰਖਵਾਇਆ ਹੈ।

ਇਸ ਦੌਰਾਨ ਪੁਲਿਸ ਨੂੰ ਮ੍ਰਿਤਕ ਦੀ ਜੇਬ ਵਿੱਚੋਂ ਇੱਕ ਵਾਹਨ ਦੀ ਪ੍ਰਦੂਸ਼ਣ ਜਾਂਚ ਪਰਚੀ ਮਿਲੀ। ਉਸ ‘ਤੇ ਗੱਡੀ ਦਾ ਨੰਬਰ ਲਿਖਿਆ ਹੋਇਆ ਸੀ।

ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਗੱਡੀ ਅਮਰਿੰਦਰ ਸਿੰਘ ਈਓ ਵਾਸੀ ਅਫਸਰ ਕਲੋਨੀ, ਪਟਿਆਲਾ ਦੇ ਨਾਂ ‘ਤੇ ਸੀ। ਇਸ ਦੇ ਆਧਾਰ ‘ਤੇ ਅਮਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਮ੍ਰਿਤਕ ਦਾ ਨਾਂ ਗੁਰਜਿੰਦਰ ਸਿੰਘ ਉਰਫ਼ ਗੈਰੀ, ਵਾਸੀ ਪਿੰਡ ਅਜਨੌਦਨ ਕਲਾਂ, ਜ਼ਿਲ੍ਹਾ ਪਟਿਆਲਾ ਸੀ ਅਤੇ ਉਹ ਡਰਾਈਵਰ ਸੀ। ਅਮਰਿੰਦਰ ਸਿੰਘ ਨੇ ਕਸ਼ਮੀਰ ਫੇਰੀ ਲਈ ਜਾਣਾ ਸੀ। ਇਹੀ ਕਾਰਨ ਸੀ ਕਿ ਅਮਰਿੰਦਰ ਸਿੰਘ ਨੇ 9 ਅਕਤੂਬਰ ਨੂੰ ਗੁਰਜਿੰਦਰ ਸਿੰਘ ਨੂੰ ਫੋਨ ਕੀਤਾ ਸੀ।

ਬਾਅਦ ‘ਚ 15 ਅਕਤੂਬਰ ਨੂੰ ਪੈਸੇ ਦੇ ਕੇ ਭੇਜ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਲਾਸ਼ ਦੀ ਪਛਾਣ ਕਰਕੇ ਧਾਰਾ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕੀਤੀ ਗਈ।

ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਮ੍ਰਿਤਕ ਦਾ ਮੋਬਾਈਲ ਨੰਬਰ ਹਾਸਲ ਕਰਕੇ ਵੇਰਵੇ ਹਾਸਲ ਕੀਤੇ। ਕਾਲ ਡਿਟੇਲ ਅਤੇ ਹੋਰ ਤਕਨੀਕੀ ਤਰੀਕਿਆਂ ਦੀ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਗੁਰਜਿੰਦਰ ਸਿੰਘ ਉਰਫ ਗੈਰੀ ਨਸ਼ੇ ਦਾ ਆਦੀ ਸੀ। ਇਸ ਸਬੰਧੀ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਜਾਣ-ਪਛਾਣ ਸਿਮਰਨਜੀਤ ਸਿੰਘ ਵਾਸੀ ਹੀਰਾ ਮਹਿਲ ਨਾਭਾ ਨਾਲ ਹੋ ਗਈ। ਸਿਮਰਨਜੀਤ ਸਿੰਘ ਦਾ ਵੀ ਉਥੇ ਇਲਾਜ ਚੱਲ ਰਿਹਾ ਸੀ।

ਐਸਐਸਪੀ ਨੇ ਦੱਸਿਆ ਕਿ ਦਰਅਸਲ 15 ਅਕਤੂਬਰ ਨੂੰ ਮੁਲਜ਼ਮ ਸਿਮਰਨਜੀਤ ਸਿੰਘ ਨੇ ਗੁਰਜਿੰਦਰ ਸਿੰਘ ਨੂੰ ਨਾਭਾ ਸਥਿਤ ਆਪਣੇ ਘਰ ਬੁਲਾਇਆ ਸੀ। ਜਿੱਥੇ ਉਸ ਨੇ ਆਪਣੇ ਦੋਸਤ ਕਰਨ ਕੁਮਾਰ ਸਿੰਘੀ ਵਾਸੀ ਨਿਊ ਫਰੈਂਡਜ਼ ਕਲੋਨੀ ਨਾਭਾ ਨਾਲ ਮਿਲ ਕੇ ਗੁਰਜਿੰਦਰ ਸਿੰਘ ਦਾ ਆਈਫੋਨ, ਸਪੋਰਟਸ ਘੜੀ, ਸਾਮਾਨ ਵਾਲਾ ਬੈਗ ਅਤੇ ਪੈਸੇ ਖੋਹਣ ਦੀ ਨੀਅਤ ਨਾਲ ਗੁਰਜਿੰਦਰ ਸਿੰਘ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਪਹਿਲਾਂ ਗੁਰਜਿੰਦਰ ਸਿੰਘ ਨੂੰ ਨਸ਼ੇ ਵਿੱਚ ਧੁੱਤ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਸਕੂਟੀ ਤੋਂ ਪਿੰਡ ਮੇਹਸ ਵਿਖੇ ਨਹਿਰ ਦੇ ਕੰਢੇ ਸੁੱਟ ਦਿੱਤਾ ਗਿਆ।

ਪੁਲਿਸ ਨੇ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਰਦਾਤ ‘ਚ ਵਰਤਿਆ ਗਿਆ ਸਕੂਟਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

error: Content is protected !!