ਦੀਪ ਸਿੱਧੂ ਵਰਗੇ ਹੀਰੋ ਦੀ ਅੰਦੋਲਨ 2.0 ਨੂੰ ਲੋੜ! … ਪਹਿਲੇ ਕਿਸਾਨੀ ਅੰਦੋਲਨ ਨੂੰ ਸਫਲ ਬਣਾਉਣ ਵਾਲੇ ਚਿਹਰੇ ਵੀ ਦੂਰ, ਗਾਇਕਾਂ ਨੂੰ ਕਿਸ ਚੀਜ਼ ਦਾ ਇੰਤਜ਼ਾਰ

ਦੀਪ ਸਿੱਧੂ ਵਰਗੇ ਹੀਰੋ ਦੀ ਅੰਦੋਲਨ 2.0 ਨੂੰ ਲੋੜ! … ਪਹਿਲੇ ਕਿਸਾਨੀ ਅੰਦੋਲਨ ਨੂੰ ਸਫਲ ਬਣਾਉਣ ਵਾਲੇ ਚਿਹਰੇ ਵੀ ਦੂਰ, ਗਾਇਕਾਂ ਨੂੰ ਕਿਸ ਚੀਜ਼ ਦਾ ਇੰਤਜ਼ਾਰ

ਜਲੰਧਰ (ਸੁੱਖ ਸੰਧੂ) – ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੀ ਤਿਆਰੀ ਦੇ ਐਲਾਨ ਤੋਂ ਬਾਅਦ ਹੀ 2020 ਦੇ ਕਿਸਾਨ ਅੰਦੋਲਨ ਦੇ ਦਿਨ ਤਾਜਾ ਹੋ ਗਏ ਹਨ। ਹਰ ਕੋਈ ਜਾਣਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਕਿਰਸਾਨੀ ਦੀ ਅਗਵਾਈ ਕਰ ਕੇ ਕੇਂਦਰ ਸਰਕਾਰ ਨੂੰ ਆਪਣੇ ਅੱਗੇ ਝੁਕਣ ਨੂੰ ਮਜਬੂਰ ਕਰ ਦਿੱਤਾ ਸੀ। ਇਸ ਦੌਰਾਨ ਕਿਸਾਨਾਂ ਦੇ ਅੰਦੋਲਨ ਨੂੰ ਕਾਮਯਾਬ ਬਣਾਉਣ ਤੇ ਕਿਸਾਨਾਂ ਦੀਆ ਮੰਗਾ ਦੀ ਪਹੁੰਚ ਹਰ ਇੱਕ ਤੱਕ ਪਹੁੰਚਾਉਣ ਦੇ ਲਈ ਪੰਜਾਬ ਦੇ ਕਲਾਕਾਰਾਂ ਤੇ ਗਾਇਕਾ ਨੇ ਵੀ ਖਾਸਾ ਯੋਗਦਾਨ ਪਾਇਆ ਸੀ। ਦੀਪ ਸਿੱਧੂ ਕਿਸਾਨੀ ਅੰਦੋਲਨ ਦਾ ਉਹ ਚਿਹਰਾ ਸੀ, ਜਿਸ ਨੂੰ ਅੱਜ ਵੀ ਨੌਜਵਾਨ ਪੀੜ੍ਹੀ ‘ਸ਼ਹੀਦ’ ਦਾ ਦਰਜਾ ਦੇ ਰਹੀ ਹੈ। ਇਸ ਵਾਰ ਵੀ ਕੋਈ ਅਜਿਹਾ ਹੀਰੋ ਅੰਦੋਲਨ ‘ਚੋਂ ਨਿਕਲ ਕੇ ਆਵੇਗਾ। ਇਸ ਤਰ੍ਹਾਂ ਦੇ ਕਈ ਸਵਾਲ ਸਾਰਿਆਂ ਦੇ ਸਾਹਮਣੇ ਹਨ।

ਮੰਨੇ-ਪ੍ਰਮੰਨੇ ਗਾਇਕਾ ਤੇ ਕਲਾਕਾਰਾਂ ਵੱਲੋਂ ਕਿਸਾਨੀ ਅੰਦੋਲਨ ‘ਚ ਦਿੱਤੇ ਸਹਿਯੋਗ ਦੇ ਕਾਰਨ ਹੀ ਉਸ ਸਮੇਂ ਦੇ ਪ੍ਰਦਰਸਨ ਨੰ ਹੁੰਗਾਰਾ ਮਿਲਿਆ ਅਤੇ ਵਿਵਾਦਾ ਨਾਲ ਜੁੜਦੇ ਨਾਮਾਂ ਦੇ ਨਾਲ ਹੀ ਅੰਦੋਲਨਕਾਰੀ ਕਿਸਾਨਾਂ ਨੇ ਆਖਿਰਕਾਰ ਫਤਿਹ ਪ੍ਰਾਪਤ ਕੀਤੀ ਸੀ। ਪੰਜਾਬ ਦੇ ਨਾਮੀ ਕਲਾਕਾਰ ਦੇ ਗਾਇਕ ਉਸ ਅੰਦੋਲਨ ਦੌਰਾਨ ਮੋਹਰੀ ਕਤਾਰ ‘ਚ ਖੜ੍ਹੇ ਸਨ। ਹੁਣ ਇੱਕ ਵਾਰ ਫਿਰ ਤੋਂ ਕਿਸਾਨਾ ਵੱਲੋਂ ਕੱਲ੍ਹ (13 ਫਰਵਰੀ) ਤੋਂ ਸੁਰੂ ਕੀਤੇ ਦਿੱਲੀ ਕੂਚ ਤੋਂ ਬਾਅਦ ਹਰ ਕਿਸੇ ਦੀ ਜੁਬਾਨ ‘ਤੇ ਕਿਸਾਨ ਅੰਦੋਲਨ 2.0 ਆ ਗਿਆ ਹੈ।

ਇਸ ਵਾਰ ਵੀ ਕਿਸਾਨ ਆਗੂਆ ਨੇ ਪੰਜਾਬ ਦੇ ਕਲਾਕਾਰਾਂ ਤੇ ਗਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨੀ ਅੰਦੋਲਨ ‘ਚ ਸਹਿਯੋਗ ਦੇਣ ਤਾਂ ਜੋ ਇਸ ਅੰਦੋਲਨ ਦੀ ਅਵਾਜ਼ ਫਿਰ ਤੋਂ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚੇ। ਬੀਤੇ ਦਿਨੀ ਪੰਜਾਬੀ ਗਾਇਕ ਰੇਸਮ ਸਿੰਘ ਅਨਮੋਲ ਨੇ ਕਿਸਾਨੀ ਅੰਦੋਲਨ ‘ਚ ਸ਼ਮੂਲੀਅਤ ਕਰਦੇ ਹੋਏ ਆਪਣੀ ਦਮਦਾਰ ਅਵਾਜ਼ ਵਿੱਚ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਇੱਕ ਗੀਤ ਗਾ ਕੇ ਪ੍ਰਦਰਸ਼ਨ ਨੂੰ ਹਮਾਇਤ ਦਿੱਤੀ ਸੀ। ਇਸ ਸਮੇਂ ਤੱਕ ਜਿਆਦਾਤਰ ਕਲਾਕਾਰ ਅਤੇ ਗਾਇਕ ਹਾਲੇ ਖੁੱਲ੍ਹ ਕੇ ਕਿਸਾਨੀ ਅੰਦੋਲਨ ਦੇ ਹੱਕ ‘ਚ ਨਹੀਂ ਆਏ ਹਨ।

ਇਨ੍ਹਾਂ ਦੋ ਦਿਨਾਂ ‘ਚ ਕਿਸਾਨਾਂ ਦੇ ਦਿੱਲੀ ਵੱਲ ਵੱਧਦੇ ਕਦਮ ਰੋਕਣ ਦੇ ਲਈ ਹਰਿਆਣਾ ਪ੍ਰਸ਼ਾਸਨ ਨੇ ਸੰਤੂ ਬਾਰਡਰ ‘ਤੇ ਹੋਰਨਾਂ ਹਰਿਆਣਾ ਤੇ ਪੰਜਾਬ ਦੇ ਬਾਰਡਰਾਂ ਦੇ ਸਖਤ ਪਹਿਰੇ ਲਾਏ ਹੋਏ ਹਨ। ਕੱਲ੍ਹ ਦੇਖਣ ਨੂੰ ਮਿਲਿਆ ਸੀ ਕਿ ਕਿਵੇਂ ਹਰਿਆਣਾ ਪੁਲਿਸ ਤੇ ਕੇਂਦਰ ਸੁਰੱਖਿਆ ਬਲਾ ਨੇ ਕਿਸਾਨਾਂ ਉੱਪਰ ਹੰਝੂ ਗੈਸ ਦੇ ਗੋਲ ਸੁੱਟੇ ਅਤੇ ਇਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋਏ। ਇਸ ਦੌਰਾਨ ਵੀ ਕਿਸਾਨਾਂ ਦੇ ਹੌਸਲੇ ਘੱਟ ਨਹੀਂ ਹੋਏ ਅਤੇ ਕਿਸਾਨ ਅੱਗੇ ਵੱਧਣ ਦੀਆ ਕੋਸਿਸਾ ‘ਚ ਲਗਾਤਾਰ ਲੱਗੇ ਹੋਏ ਹਨ।

ਜੇਕਰ ਇਸ ਦੌਰਾਨ ਪੰਜਾਬ ਦੇ ਕਲਾਕਾਰ ਤੇ ਗਾਇਕ ਖੁੱਲ੍ਹ ਕੇ ਪੰਜਾਬ ਦੇ ਕਿਸਾਨਾਂ ਦੇ ਹੱਕ ‘ਚ ਖੜ੍ਹੇ ਹੁੰਦੇ ਹਨ, ਤਾਂ ਫਿਰ ਤੋਂ ਪਹਿਲੇ ਅੰਦੋਲਨ ਵਾਲਾ ਜੋਸ਼ ਨੌਜਵਾਨ ਪੀੜ੍ਹੀ ‘ਚ ਉਮੜ ਸਕਦਾ ਹੈ ਅਤੇ ਅੰਦੋਲਨ 2.0 ਨੂੰ ਇੱਕ ਨਵੀਂ ਗਤੀ ਮਿਲ ਸਕਦੀ ਹੈ। ਹਾਲਾਂਕਿ ਇਹ ਵੀ ਦੇਖਿਆ ਗਿਆ ਸੀ ਕਿ ਕਿਸਾਨਾਂ ਦੇ ਪਿੱਛਲੇ ਅੰਦੋਲਨ ਨੂੰ ਕੁਝ ਲੋਕਾਂ ਨੇ ਖਾਲਿਸਤਾਨ ਨਾਲ ਜੋੜ ਕੇ ਪੇਸ਼ ਕੀਤਾ ਸੀ ਅਤੇ ਇਸ ਦੌਰਾਨ ਕਈ ਪੰਜਾਬੀ ਕਲਾਕਾਰਾਂ ਤੇ ਗਾਇਕਾ ਨੂੰ ਵੀ ਕਈ ਤਰ੍ਹਾਂ ਦੀਆ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪੰਜਾਬ ਤੋਂ ਬਾਹਰ ਗਾਇਕਾਂ ਦਾ ਵਿਰੋਧ ਵੀ ਦੇਖਿਆ ਗਿਆ ਸੀ।

ਇਸ ਵਾਰ ਕਲਾਕਾਰਾਂ ਤੇ ਗਾਇਕਾਂ ਵੱਲੋਂ ਹਾਲੇ ਤੱਕ ਕਿਸਾਨਾਂ ਦੀ ਹਮਾਇਤ ‘ਚ ਖੁੱਲ੍ਹ ਕੇ ਨਾ ਆਉਣ ਦੇ ਕਈ ਕਾਰਨ ਦੇਖੋ ਜਾ ਸਕਦੇ ਹਨ। ਜਿਵੇਂ ਕਿ ਜਾਂ ਤਾਂ ਕਿਸਾਨ ਪ੍ਰਦਰਸ਼ਨ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਨਾਲ ਮੰਗਾਂ ਦੇ ਹੱਲ ਲਈ ਗੱਲਬਾਤ ਵੀ ਕਰ ਰਹੇ ਹਨ ਅਤੇ ਉਮੀਦ ਹੈ ਕਿ ਕੇਂਦਰ ਸਰਕਾਰ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਅੰਦੋਲਨ ਨੂੰ ਵਿਸ਼ਾਲ ਰੂਪ ਦੇਣ ਤੋਂ ਰੋਕ ਲਵੇ। ਇਸ ਲਈ ਕਲਾਕਾਰ ਤੇ ਗਾਇਕ ਇਸ ਗੱਲਬਾਤ ਨੂੰ ਸਕਰਾਤਮਕ ਤਰੀਕੇ ਨਾਲ ਦੇਖ ਰਹੇ ਹਨ ਕਿ ਮੰਗਾਂ ਦਾ ਹੱਲ ਹੋਵੇ ਅਤੇ ਅੰਦੋਲਨ ਜਲਦ ਸਮਾਪਤ ਹੋਵੇ।

ਜੋ ਵੀ ਹੈ ਇਸ ਵਾਰ ਦੇ ਕਿਸਾਨੀ ਅੰਦੋਲਨ ਵਿੱਚ ਕਈ ਕਿਸਾਨ ਜੱਥੇਬੰਦੀਆਂ ਦੀ ਗੈਰ-ਹਾਜਰੀ ਅਤੇ ਕਲਾਕਾਰਾਂ ਤੇ ਗਾਇਕਾਂ ਦੀ ਸਮੂਲੀਅਤ ਨਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਕਿਸਾਨੀ ਅੰਦੋਲਨ 2.0 ਆਉਣ ਵਾਲੇ ਦਿਨਾਂ ‘ਚ ਕਿਸ ਪਾਸੇ ਨੂੰ ਆਪਣਾ ਰੁਖ ਕਰਦਾ ਹੈ ਇਹ ਤਾਂ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ ਅਤੇ ਕਲਾਕਾਰਾਂ ਤੇ ਗਾਇਕਾਂ ਦਾ ਇਸ ਅੰਦੋਲਨ ਪ੍ਰਤੀ ਰਵੱਈਆ ਕੀ ਹੈ, ਉਹ ਵੀ ਸਮਾਂ ਹੀ ਦੱਸੇਗਾ।

error: Content is protected !!