ਸਾਜਿਸ਼ ਦਾ ਸ਼ਿਕਾਰ ਬਣੇ ਵੀਸੀ ਡਾ. ਰਾਜ ਬਹਾਦਰ, ਜ਼ਲੀਲ ਕਰਨ ਲਈ ਬਣਾਈ ਸੀ ਇਹ ਸਕੀਮ, ਉਸੇ ਤਰਹਾਂ ਹੀ ਵਾਪਰੀ ਘਟਨਾ…

ਸਾਜਿਸ਼ ਦਾ ਸ਼ਿਕਾਰ ਬਣੇ ਵੀਸੀ ਡਾ. ਰਾਜ ਬਹਾਦਰ, ਜ਼ਲੀਲ ਕਰਨ ਲਈ ਬਣਾਈ ਸੀ ਇਹ ਸਕੀਮ, ਉਸੇ ਤਰਹਾਂ ਹੀ ਵਾਪਰੀ ਘਟਨਾ

ਵੀਓਪੀ ਬਿਊਰੋ –  ਪਿਛਲੀ ਦਿਨੀਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿਚ ਦੌਰੇ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜਦ ਉੱਥੋਂ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਉੱਥੇ ਫਟੇ ਗੱਦੇ ਦੇਖ ਕੇ ਆਪੇ ਤੋਂ ਬਾਹਰ ਹੋਏ ਸਿਹਤ ਮੰਤਰੀ ਨੇ ਉੱਥੇ ਮੌਜੂਦ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਉਹਨਾਂ ਗੱਦਿਆਂ ਉੱਪਰ ਲੇਟਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਉਕਤ ਮਾਮਲੇ ਨੇ ਕਾਫੀ ਤੂਲ ਫੜ ਲਿਆ ਅਤੇ ਚਾਰੇ ਪਾਸੇ ਸਿਹਤ ਮੰਤਰੀ ਦੇ ਇਸ ਰਵੀੱਈਏ ਦੀ ਨਿਖੇਧੀ ਹੋਣ ਲੱਗੀ। ਪਰ ਹੁਣ ਇਸ ਮਾਮਲੇ ਸਬੰਧੀ ਇਕ ਨਵੀਂ ਚਰਚਾ ਸ਼ੁਰੂ ਹੋਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਸਾਰੀ ਘਟਨਾ ਪਿੱਛੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੇ ਹੀ ਕੁਝ ਆਪਣੇ ਸਨ, ਜਿਹਨਾਂ ਦੇ ਕਈ ਕੰਮ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦੀ ਇਮਾਨਦਾਰੀ ਕਾਰਨ ਰੁਕੇ ਹੋਏ ਸਨ। ਅਜਿਹੇ ਵਿਚ ਉਹਨਾਂ ਨੇ ਹੀ ਇਹ ਸਾਰੀ ਸਕੀਮ ਬਣਾਈ ਅਤੇ ਇਸ ਸਾਰੇ ਜਾਲ ਵਿਚ ਡਾ. ਰਾਜ ਬਹਾਦਰ ਨੂੰ ਫਸਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸੂਤਰਾਂ ਤੋਂ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਸਾਰੀ ਘਟਨਾ ਤੇ ਪਿੱਛੇ ਉੱਥੋਂ ਦੇ ਹੀ ਕੁਝ ਕਥਿਤ ਸੀਨੀਅਰ ਡਾਕਟਰ ਜਿੰਮੇਵਾਰ ਹਨ। ਇਹ ਲੋਕ ਕਿਸੇ ਨਾ ਕਿਸੇ ਕਾਰਨ ਤੋਂ ਡਾ. ਰਾਜ ਬਹਾਦਰ ਦੇ ਨਾਲ ਨਾਰਾਜ਼ ਚੱਲ ਰਹੇ ਸਨ।

ਜਦੋਂ ਤੋਂ ਡਾ. ਰਾਜ ਬਹਾਦਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ ਹੋਏ ਹਨ, ਉਸ ਸਮੇਂ ਤੋਂ ਆਪਣੀ ਮਨਮਰਜੀ ਕਰਨ ਵਾਲੇ ਕੁਝ ਲੋਕਾਂ ਦੀ ਦਾਲ ਗਲਣੀ ਬੰਦ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਸਾਜਿਸ਼ ਹੀ ਸੀ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਦੋ ਮਹੀਨੇ ਤੋਂ ਬੰਦ ਕੈਦੀ ਵਾਰਡ ‘ਚ ਲਿਜਾਇਆ ਗਿਆ, ਜਿੱਥੇ ਪੁਰਾਣਾ ਗੱਦਾ ਪਿਆ ਸੀ। ਇੱਥੇ ਹੀ ਪੁਰਾਣੇ ਫਟੇ ਗੱਦੇ ਪਏ ਸਨ ਅਤੇ ਸਿਹਤ ਮੰਤਰੀ ਨੇ ਤੈਸ਼ ਵਿਚ ਆ ਕੇ ਵਾਈਸ ਚਾਂਸਲਰ ਨਾਲ ਇੱਥੇ ਬਦਤਮੀਜੀ ਕੀਤੀ। ਸੂਤਰਾਂ ਮੁਤਾਬਕ ਇਹ ਲੋਕ ਚਾਹੁੰਦੇ ਹਨ ਕਿ ਵੀਸੀ ਯੂਨੀਵਰਸਿਟੀ ਛੱਡ ਦੇਵੇ।

ਇਸ ਤੋਂ ਪਹਿਲਾਂ ਇਹਨਾਂ ਲੋਕਾਂ ਨੇ ਵੀ ਕਾਫੀ ਸਾਰੇ ਅਜਿਹੇ ਮੌਕੇ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਕਿਸੇ ਨਾ ਕਿਸੇ ਤਰਹਾਂ ਜ਼ਲੀਲ ਕੀਤਾ ਜਾ ਸਕੇ ਪਰ ਹਰ ਵਾਰ ਸਕੀਮ ਫੇਲ ਹੋ ਜਾਂਦੀ ਸੀ। ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇਸ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਥਾਂ-ਥਾਂ ਸਰਕਾਰੀ ਇਮਾਰਤਾਂ ਵਿਚ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ। ਅਜਿਹੇ ਵਿਚ ਇਹ ਲੋਕ ਫਿਰ ਤੋਂ ਸਰਗਰਮ ਹੋ ਗਏ ਅਥੇ ਇਸ ਸਾਜਿਸ਼ ਤਹਿਤ ਡਾ. ਰਾਜ ਬਹਾਦਰ ਨੂੰ ਫਸਾ ਕੇ ਜ਼ਲੀਲ ਕਰ ਦਿੱਤਾ। ਪਰ ਇਸ ਸਾਰੇ ਮਾਮਲੇ ਪਿੱਛੇ ਦੇ ਅਸਲ ਕਾਰਨ ਕੀ ਹਨ ਇਹ ਤਾਂ ਸਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ।

error: Content is protected !!